ਸਬ ਡਿਵੀਜ਼ਨ ਅਧੀਨ ਪੈਦਾ ਪਿੰਡ ਵਿੱਚ ਜਾਗਰੂਕਤਾ ਮੁਹਿੰਮ ਲਈ ਟਰੇਨਿੰਗ ਦਾ ਆਯੋਜਨ


ਦਿੜਬਾ ਮੰਡੀ :- () 19 ਮਾਰਚ 2020 :- ਸਬ ਡਿਵੀਜ਼ਨ ਦਿੜਬਾ ਵੱਲੋਂ ਤੈਨਾਤ ਕੀਤੇ ਗਏ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋੜੀਂਦੀ ਜਾਣਕਾਰੀ ਆਮ ਲੋਕਾਂ ਤੱਕ ਪੁੱਜਦੀ ਕਰਨ ਲਈ ਸਬ ਡਿਵੀਜ਼ਨ ਦਿੜਬਾ ਪ੍ਰਸਾਸਨ ਵੱਲੋਂ ਤੈਨਾਤ ਕੀਤੇ ਗਏ ਮਾਸਟਰ ਟਰੇਨਰਾਂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਸਿੱਖਿਆ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇਸ ਵਾਇਰਸ ਦੇ ਫੈਲਣ ਬਾਰੇ ਅਤੇ ਇਸ ਤੋਂ ਬਚਾਅ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰ ਮਨਜੀਤ ਸਿੰਘ ਚੀਮਾ, ਪੀ.ਸੀ.ਐਸ. ਐਸ਼.ਡੀ.ਐਮ ਦਿੜਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਦੇ ਦਿਸਾ ਨਿਰਦੇਸ ਹੇਠ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਿਖਲਾਈ ਲੈਣ ਵਾਲੇ ਅਧਿਕਾਰੀ, ਕਰਮਚਾਰੀ ਅਤੇ ਸਿੱਖਿਆ ਸੰਸਥਾਵਾਂ ਦੇ ਨੁਮਾਇੰਦੇ ਭਲਕੇ ਆਪੋ-ਆਪਣੇ ਨਿਯੁਕਤ ਸਥਾਨਾ ‘ਤੇ ਜਾ ਕੇ ਇਲਾਕਾ ਨਿਵਾਸੀਆ ਨੂੰ ਜਾਗਰੂਕ ਕਰਨਗੇ।ਉਨਾਂ ਕਿਹਾ ਕਿ ਸਬ ਦਿਵੀਜ਼ਨ ਦਿੜਬਾ ਦੇ ਹਰ ਪਿੰਡ ਤੇ ਹਰ ਵਾਰਡ ਵਿਚ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਅਭਿਆਨ ਸੁਰੂ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਕੋਰੋਨਾ ਫੈਲਣ ’ਚ ਸਹਾਇਕ ਲੱਛਣਾਂ ਬਾਰੇ ਸੁਚੇਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਕੋਰੋਨਾ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਇਸ ਨਾਲ ਸਬੰਧਤ ਸਹੀ ਜਾਣਕਾਰੀ ਪ੍ਰਾਪਤ ਕਰਕੇ ਸਹਿਜੇ ਹੀ ਇਸਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਨੈਸ਼ਨਲ ਕਾਲ ਸੈਂਟਰ 011-2397 8046 ਜਾਂ ਜ਼ਿਲਾ ਨੋਡਲ ਅਧਿਕਾਰੀ ਡਾ. ਉਪਾਸਨਾ ਬਿੰਦਰਾ ਦੇ ਮੋ: ਨੰਬਰ 97792-38211 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸ੍ਰ ਮਨਜੀਤ ਸਿੰਘ ਚੀਮਾ, ਪੀ.ਸੀ.ਐਸ. ਐਸ਼.ਡੀ.ਐਮ ਦਿੜਬਾ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀ ਵਰਤਣ ਅਤੇ ਭੀੜ ਵਾਲੀਆਂ ਥਾਂਵਾਂ ’ਤੇ ਬਿਨਾਂ ਕਿਸੇ ਲੋੜ ਤੋਂ ਨਾ ਜਾਣ। ਉਨਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਹੱਥ ਸਾਬਣ ਜਾਂ ਹੈਂਡਵਾਸ਼ ਨਾਲ ਥੋੜੇ ਥੋੜੇ ਸਮੇਂ ਬਾਅਦ ਧੋਂਦੇ ਰਹਿਣਾ ਚਾਹੀਦਾ ਹੈ ਅਤੇ ਖੰਘ, ਜ਼ੁਕਾਮ, ਬੁਖ਼ਾਰ, ਗਲਾ ਖ਼ਰਾਬ ਹੋਣ, ਸਿਰ ਦਰਦ, ਦਸਤ ਜਾਂ ਉਲਟੀ ਆਉਣ ’ਤੇ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅਜਿਹੇ ਕਿਸੇ ਵੀ ਲੱਛਣ ਵਾਲੇ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।

Comments