ਕੋਰੋਨਾ ਮਹਾਂਮਾਰੀ ਫੈਲਣ ਤੋਂ ਬਾਅਦ ਜਿੰਮ ਬੰਦ ਹੋਣ ਤੇ ਲੋਕਾਂ ਦੀ ਸਿਹਤ ਪ੍ਤੀ ਜਾਗਰੂਕਤਾਂ ਦੇ ਚੱਲਦੇ ਸਾਇਕਲਾਂ ਦੀ ਮੰਗ 'ਚ ਹੋਇਆਂ ਭਾਰੀ ਵਾਧਾ


ਸਾਇਕਲਿੰਗ ਕਰਨ ਵਾਲੇ ਦਿੜ੍ਹਬਾ ਦੇ ਨੌਜਵਾਨ।


ਦਿੜ੍ਹਬਾ ਮੰਡੀ, 30 ਜੁਲਾਈ (  ) ਦੁਨੀਆਂ ਭਰ 'ਚ ਫੈਲੇ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਪੰਜਾਬ ਵਿੱਚ ਹੀ ਨਹੀ ਸਗੋਂ ਸਮੁੱਚੇ ਦੇਸ਼ ਅੰਦਰ ਸਾਈਕਲਾਂ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ। ਜਿਸ ਨਾਲ ਲੁਧਿਆਣਾ ਵਿਖੇ ਪੰਜਾਬ ਦੇ ਸਾਈਕਲ ਉਦਯੋਗ ਨੂੰ ਕਾਫੀ ਆਰਥਿਕ ਮਜਬੂਤੀ ਮਿਲੀ ਹੈ ਅਤੇ ਲੋਕ ਆਪਣੀ ਸਿਹਤ ਪ੍ਰਤੀ ਵੀ ਕਾਫੀ ਸੁਚੇਤ ਹੋਏ ਹਨ ਅਤੇ ਜਿੰਮਾਂ ਦੇ ਬੰਦ ਹੋਣ ਕਰਕੇ ਵੀ ਸਾਈਕਲ ਉਦਯੋਗ ਨੂੰ ਘਰੇਲੂ ਪੱਧਰ 'ਤੇ ਭਰਵਾਂ ਹੁੰਗਾਰਾ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸੇ ਵੇਲੇ ਪੰਜਾਬ ਦੇ ਲੋਕ ਸਾਈਕਲ ਖਰੀਦਣ ਜਾਂ ਚਲਾਉਣ ਨੂੰ ਬਹੁਤ ਤਰਜੀਹ ਨਹੀ ਸਨ ਦਿੰਦੇ ਅਤੇ ਮੋਟਰਸਾਈਕਲਾਂ ਦੀ ਖਰੀਦ ਤੋਂ ਬਾਅਦ ਐਕਟੀਵਾ ਖਰੀਦਣ ਦਾ ਦੌਰ ਸ਼ੁਰੂ ਹੋ ਗਿਆ ਸੀ। ਸਾਈਕਲ ਆਮ ਤੌਰ ਤੇ ਗਰੀਬ ਲੋਕਾਂ ਦੀ ਜਰੂਰਤ ਜਾਂ ਛੋਟੇ ਬੱਚਿਆਂ ਦਾ ਖਿਡੌਣਾ ਬਣ ਕੇ ਰਹਿ ਗਏ ਸਨ ਪਰ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਵੱਡੀ ਗਿਣਤੀ 'ਚ ਔਰਤਾਂ ਅਤੇ ਮਰਦ ਵੀ ਸਾਈਕਲ ਦੀ ਸਵਾਰੀ ਨੂੰ ਪਹਿਲ ਦੇਣ ਲੱਗ ਪਏ ਹਨ। ਆਮ ਹੀ ਸਵੇਰ ਵੇਲੇ ਔਰਤਾਂ ਤੇ ਮਰਦ ਸਾਈਕਲਾਂ 'ਤੇ ਸੈਰ ਕਰਦੇ ਵੇਖੇ ਜਾ ਸਕਦੇ ਹਨ। ਸ਼ਹਿਰ ਦੇ ਸਾਈਕਲ ਵਿਕਰੇਤਾ ਪਵਨ ਕੁਮਾਰ, ਭਗਵੰਤ ਰਾਏ ਅਤੇ ਲਵਲੀ ਕੁਮਾਰ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਅਤੇ ਉਸ ਤੋਂ ਬਾਅਦ ਸਾਈਕਲਾਂ ਦੀ ਰਿਕਾਰਡ ਤੋੜ ਵਿਕਰੀ ਹੋਈ ਹੈ ਪਰ ਜਿਆਦਾਤਰ ਸਾਈਕਲ ਫੈਂਸੀ ਕਿਸਮ ਦੇ ਤੇ ਛੋਟੇ ਆਕਾਰ ਵਾਲੇ ਹੀ ਵਿਕੇ ਹਨ। ਇਸ ਨੂੰ ਅਸੀਂ ਲੋਕਾਂ ਅੰਦਰ ਸਿਹਤ ਪ੍ਰਤੀ ਜਾਗਰੂਕਤਾ ਹੀ ਕਹਿ ਸਕਦੇ ਹਾਂ ਕਿਉਂਕਿ ਜਿੰਮਾਂ ਦੇ ਬੰਦ ਹੋਣ ਨਾਲ ਵੀ ਸਾਈਕਲਾਂ ਦੇ ਕਾਰੋਬਾਰ 'ਚ ਵਾਧਾ ਹੋਇਆ ਹੈ। ਪਹਿਲਾਂ ਲੋਕ ਜਿੰਮ 'ਚ ਜਾ ਕੇ ਸਾਈਕਲ ਹੀ ਚਲਾਉਂਦੇ ਸਨ। ਜਿਹੜੇ ਹੁਣ ਘਰੇਲੂ ਪੱਧਰ 'ਤੇ ਖਰੀਦ ਰਹੇ ਹਨ। ਇਸ ਨਾਲ ਸਿਹਤ ਫਿਟ ਰਹਿੰਦੀ ਹੈ, ਤੇਲ ਦੀ ਬੱਚਤ ਹੋਣ ਦੇ ਨਾਲ ਹੀ ਪ੍ਰਦੂਸਣ ਵੀ ਨਹੀਂ ਫੈਂਲਦਾ।
      ਸਮਾਜ ਸੇਵੀ ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਪੰਜਾਬ 'ਚ ਸਾਈਕਲਾਂ ਦੀ ਵਿਕਰੀ 'ਚ ਵਾਧਾ ਹੋਣ ਨਾਲ ਲੋਕਾਂ ਦੀ ਸਿਹਤ 'ਚ ਵੀ ਸੁਧਾਰ ਹੋਵੇਗਾ ਕਿਉਂਕਿ ਲੋਕਾਂ ਦੀ ਜਿੰਦਗੀ ਜਿਉਣ ਦਾ ਢੰਗ ਬਦਲਣ ਕਰਕੇ ਕਈ ਤਰਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਸਨ। ਜਿਨਾਂ ਵਿੱਚ ਸੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆ ਬੀਮਾਰੀਆਂ ਵੀ ਸਾਮਲ ਹਨ। ਪਰ ਸਾਈਕਲ ਦਾ ਦੌਰ ਸ਼ੁਰੂ ਹੋਣ ਨਾਲ ਸਰੀਰਕ ਤੰਦਰੁਸ਼ਤੀ ਵੀ ਪੈਦਾ ਹੋਵੇਗੀ।
ਡਾ. ਨੀਰਜ ਕੁਮਾਰ ਸਿੰਗਲਾ ਨੇ ਕਿਹਾ ਕਿ ਸਾਈਕਲ ਚਲਾਉਣਾ ਜਿੱਥੇ ਸਿਹਤ ਲਈ ਲਾਭਦਾਇਕ ਹੈ ਉਥੇ ਹੀ ਕਈ ਆਪ ਸਹੇੜੀਆਂ ਬੀਮਾਰੀਆਂ ਤੋਂ ਵੀ ਬਚਾ ਹੋ ਸਕਦਾ ਹੈ ਕਿਉਂਕਿ ਸਾਡੇ ਖਾਣ-ਪੀਣ ਅਤੇ ਰਹਿਣ ਸਹਿਣ 'ਚ ਵੱਡੀਆਂ ਤਬਦੀਲੀਆਂ ਆਈਆਂ ਹਨ। ਹੱਥੀ ਕੀਤੇ ਜਾਣ ਵਾਲੇ ਕੰਮਾਂ ਨੂੰ ਅਜੌਕੇ ਸਮੇਂ ਵਿੱਚ ਆਧੁਨਿਕ ਢੰਗਾਂ ਨਾਲ ਕੀਤਾ ਜਾ ਰਿਹਾ ਹੈ। ਜਿਸ ਕਰਕੇ ਸਰੀਰਕ ਅੰਗਾਂ ਦੀ ਹਿਲ-ਜੁੱਲ, ਚੁਸਤੀ ਫੁਰਤੀ ਤੇ ਵਧੀਆ ਸਿਹਤ ਲਈ ਸਾਈਕਲ ਦੀ ਸਵਾਰੀ ਸਭ ਤੋਂ ਵਧੀਆ ਹੈ।
   ਵਾਤਾਵਰਣ ਪ੍ਰੇਮੀ ਤੇ ਨਵੀਂ ਉਮੀਦ ਫਾਊਂਡੇਸਨ ਦੇ ਅਹੁੰਦੇਦਾਰ ਸੁਖਵੰਤ ਸਿੰਘ ਧੀਮਾਨ ਐਡੀਸਨਲ ਐਸ.ਈ.ਪਾਵਰਕਾਮ, ਮਨਪ੍ਰੀਤ ਸਿੰਘ ਰਾਣਾ, ਰਾਜ ਗਿੱਲ, ਪ੍ਰਗਟ ਸਿੰਘ ਗਿੱਲ ਅਤੇ ਬਲਵਿੰਦਰ ਸਿੰਘ ਘੁਮਾਣ ਐਮ.ਡੀ.ਬਰਾਈਟ ਸਟਾਰ ਸਕੂਲ ਦਾ ਕਹਿਣਾ ਹੈ ਕਿ ਧਰਤੀ ਤੇ ਦਿਨੋ-ਦਿਨ ਫੈਲ ਰਹੇ ਵੱਡੀ ਪੱਧਰ ਤੇ ਪ੍ਰਦੂਸ਼ਣ ਕਾਰਨ ਗੰਦਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਧੂਆਂ ਰਹਿਤ ਵਾਹਨਾਂ ਦੀ ਗਿਣਤੀ 'ਚ ਵਾਧਾ ਹੋਣਾ ਚਾਹੀਦਾ ਹੈ। ਉਹ ਵਾਹਨ ਸਾਈਕਲ ਦੇ ਰੂਪ 'ਚ ਹੋਣ ਜਾਂ ਈ ਰਿਕਸਾ ਆਦਿ ਦੇ ਰੂਪ 'ਚ ਹੋਣ। ਤਾਲਾਬੰਦੀ ਕਾਰਨ ਬੰਦ ਹੋਈ ਆਵਾਜਾਈ ਨੇ ਵਾਤਾਵਰਣ ਸ਼ੁੱਧ ਕੀਤਾ ਸੀ। ਜਿਸ ਕਰਕੇ ਲੋੜ ਮੁਤਾਬਿਕ ਹੀ ਧੂੰਏ ਵਾਲੇ ਵਾਹਨਾਂ ਦੀ ਵਰਤੋ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਸਦੇ ਨਾਲ ਹੀ ਸਾਰਿਆਂ ਨੂੰ ਦਰੱਖਤ ਲਗਾਉਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
    ਨੰਬਰਦਾਰ ਜਤਿੰਦਰ ਕੁਮਾਰ ਪੱਪੂ, ਗੁਰਤੇਜ ਸਿੰਘ ਨਿਊ ਵਿਸਵਕਰਮਾ ਐਗਰੋ ਇੰਡ. ਨੇ ਕਿਹਾ ਕਿ ਕੋਵਿਡ.19 ਮਹਾਂਮਾਰੀ ਫੈਲਣ ਤੋਂ ਬਾਅਦ ਸਾਈਕਲਾਂ ਦੀ ਵਿਕਰੀ 'ਚ ਰਿਕਾਰਡ ਤੋੜ ਵਾਧਾ ਹੋਇਆ ਹੈ। ਤੇਲ ਵਾਲੇ ਵਾਹਨਾਂ ਨੂੰ ਆਪਣੀ ਸਾਨ ਸਮਝਣ ਵਾਲੇ ਪੰਜਾਬ ਦੇ ਲੋਕ ਦੁਬਾਰਾ ਫਿਰ ਕੁਦਰਤੀ ਜੀਵਨ ਬਤੀਤ ਕਰਨ ਵੱਲ ਮੁੜ ਰਹੇ ਹਨ। ਖਾਣ-ਪੀਣ 'ਚ ਫਾਸਟ ਫੂਡ ਦੀ ਵਰਤੋ ਵੀ ਘੱਟ ਹੋਈ ਹੈ ਅਤੇ ਹੋਰ ਵੀ ਕਈ ਤਰਾਂ ਦੀਆਂ ਕੁਦਰਤੀ ਤਬਦੀਲੀਆਂ ਆਮ ਹੀ ਵੇਖੀਆਂ ਜਾ ਰਹੀਆਂ ਹਨ। ਜਿਹੜੀਆਂ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੀਆਂ ।
  ਰੋਜਾਨਾ ਸਾਇਕਲਿੰਗ ਕਰਨ ਲਈ ਜਾਣ ਵਾਲੇ ਦਿੜ੍ਹਬਾ ਦੇ ਨੌਜਵਾਨ ਜਗਪਾਲ ਸਿੰਘ ਚੱਠਾ, ਜਗਦੀਸ ਤਾਇਲ ਜੱਗੀ, ਪਰਵਿੰਦਰ ਕੁਮਾਰ, ਵਿਜੈ ਕੁਮਾਰ ਬਿੱਟੂ, ਸੁਖਵਿੰਰ ਸਿੰਘ, ਹੈਪੀ ਸਿੰਗਲਾ, ਸੰਜੀਵ ਕੁਮਾਰ ਆਦਿ ਨੇ ਦੱਸਿਆ ਕਿ ਕੋਈ ਸਮਾਂ ਅਜਿਹਾ ਸੀ ਕਿ ਅਸੀਂ ਸਾਇਕਲ ਚਲਾਉਣ ਲਈ ਸਰਮ ਮਹਿਸੂਸ ਕਰਦੇ ਸੀ, ਪਰ ਹੁਣ ਕੁਦਰਤ ਨੇ ਸਾਡੀ ਜਿੰਦਗੀ ਵਿੱਚ ਅਜਿਹਾ ਬਦਲਾਅ ਕੀਤਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਇਕਲ ਚਲਾਉਣਾ ਮਜਬੂਰੀ ਵੀ ਬਣ ਗਿਆ। ਹੁਣ ਅਸੀਂ ਸਵੇਰੇ ਕਈ ਨੌਜਵਾਨ ਇਕੱਠੇ ਹੋ ਕੇ ਸਾਇੰਕਲਿੰਗ ਕਰਨ ਲਈ ਜਾਂਦੇ ਹਾਂ ਇਸ ਨਾਲ ਸਰੀਰ 'ਚ ਫੁਰਤੀ ਤੇ ਮੋਟਾਪਾ ਘੱਟ ਤੇ ਸਿਹਤ ਨਰੋਈ ਰਹਿੰਦੀ ਹੈ। 

Comments