ਉਲੰਘਣਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਦੀ ਹਦਾਇਤ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵਿਦੇਸ਼ਾਂ ਤੋਂ ਪਰਤੇ ਨਾਗਰਿਕਾਂ ਲਈ ਦਿਸ਼ਾ ਨਿਰਦੇਸ਼ ਜਾਰੀ
ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਦੀ ਹਦਾਇਤ
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਘਨਸ਼ਿਆਮ ਥੋਰੀ ਨੇ ਦੀ ਐਪੀਡੈਮਿਕ ਡਿਸੀਜ਼ ਐਕਟ 1897 ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪਬਲਿਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਆਮ ਲੋਕਾਂ ਦੇ ਵਿੱਚ ਫੈਲਣ ਤੋਂ ਰੋਕਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਕਿ ਕੋਵਿਡ-19 (ਕੋਰੋਨਾ ਵਾਇਰਸ) ਦੀ ਬਿਮਾਰੀ ਵਿਸ਼ਵ ਵਿੱਚ ਫੈਲੀ ਹੋਈ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਵਿੱਚ ਬਾਹਰਲੇ ਦੇਸ਼ਾਂ ਇਟਲੀ, ਚੀਨ, ਅਮਰੀਕਾ, ਮਲੇਸ਼ੀਆ, ਸਪੇਨ, ਆਸਟਰੇਲੀਆ, ਦੁਬਈ, ਜਰਮਨੀ, ਫਰਾਂਸ ਅਤੇ ਸਾਉਥ ਕੋਰੀਆ ਆਦਿ ਤੋਂ ਪਿਛਲੇ 20 ਦਿਨਾਂ ਵਿੱਚ ਆ ਚੁੱਕੇ ਅਤੇ ਭਵਿੱਖ ਵਿੱਚ ਆਉਣ ਵਾਲੇ ਲੋਕ, ਮੁੱਖ ਮੈਡੀਕਲ ਅਫ਼ਸਰ ਜਾਂ ਕੰਟਰੋਲ ਰੂਮ ਦੇ ਮੋਬਾਇਲ ਨੰਬਰ 'ਤੇ ਸੈਲਫ ਰਿਪੋਰਟਿੰਗ ਕਰਨਗੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੂੰ ਅਧਿਕਾਰੀਆਂ, ਡਾਕਟਰਾਂ ਵੱਲੋਂ ਉਨ੍ਹਾਂ ਦੇ ਘਰ ਵਿੱਚ ਕੁਆਰੰਟਿਨ ਕੀਤਾ ਗਿਆ ਹੈ ਉਹ ਇਸ ਦੌਰਾਨ ਆਪਣਾ ਘਰ ਨਹੀਂ ਛੱਡਣਗੇ ਅਤੇ ਨਾ ਹੀ ਕਿਸੇ ਵੀ ਬਾਹਰਲੇ ਵਿਅਕਤੀ ਦੇ ਸੰਪਰਕ ਵਿੱਚ ਆਉਣਗੇ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਹਸਪਤਾਲ ਜਾਂ ਕਿਸੇ ਹੋਰ ਜਗ੍ਹਾਂ ਤੇ ਕੁਆਰੰਟਿਨ ਜਾਂ ਆਈਸੋਲੀਨ ਅਧੀਨ ਰੱਖਿਆ ਗਿਆ ਹੈ ਉਹ ਡਿਸਚਾਰਜ ਹੋਣ ਤੱਕ ਉੱਥੇ ਹੀ ਰਹਿਣਗੇ, ਬਿਨ੍ਹਾਂ ਡਾਕਟਰ ਤੋਂ ਡਿਸਚਾਰਜ ਹੋਏ, ਉਹ ਜਗ੍ਹਾਂ ਨਹੀਂ ਛੱਡਣਗੇ। ਜੇਕਰ ਕੋਈ ਵੀ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਆਈ.ਪੀ.ਸੀ.ਧਾਰਾ 188, 269 ਅਤੇ 270 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਵਿਅਕਤੀ ਬਾਹਰਲੇ ਦੇਸ਼ਾਂ ਤੋਂ ਆਉਂਦਾ ਹੈ ਤਾਂ ਉਹ ਆਪਣੇ ਆਪ ਆਪਣੀ ਜਿੰਮੇਵਾਰੀ ਸਮਝਦਾ ਹੋਇਆ ਮੁੱਖ ਮੈਡੀਕਲ ਅਫ਼ਸਰ 97792-38211 ਜਾਂ ਕੰਟਰੋਲ ਰੂਮ 01672-238190 ਦੇ ਨੰਬਰ 'ਤੇ ਸੰਪਰਕ ਕਰਕੇ ਆਪਣੇ ਵਿਦੇਸ਼ ਤੋਂ ਆਉਣ ਬਾਰੇ ਵੇਰਵੇ ਦੇਵੇਗਾ।ਉਨ੍ਹਾਂ ਕਿਹਾ ਕਿ ਵੇਰਵੇ ਛੁਪਾਉਣ ਦੀ ਸੂਰਤ ਵਿੱਚ ਵੀ ਸਬੰਧਤ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

Comments