ਕੋਵਿਡ 19 ਦੇ ਮੱਦੇਨਜ਼ਰ 12, 13 ਅਤੇ 14 ਅਗਸਤ ਨੂੰ ਸਬ ਡਵੀਜ਼ਨ ਦਿੜ੍ਹਬਾ ਵਿਖੇ ਗੁੱਗਾ ਮਾੜੀ ਦਾ ਭਰਨ ਵਾਲਾ ਮੇਲਾ ਨਹੀ ਲੱਗੇਗਾ-ਐਸ.ਡੀ.ਐਮ

 

*ਸਮੂਹ ਸ਼ਰਧਾਲੂਆਂ ਨੂੰ ਆਪਣੇ ਘਰਾਂ ਅੰਦਰ ਰਹਿ ਕੇ ਗੁੱਗਾ ਜ਼ਾਹਰ ਪੀਰ ਦੀ ਪੂਜਾ ਅਰਾਧਨਾ ਕਰਨ ਦੀ ਅਪੀਲ

*ਕੋਵਿਡ ਤੋਂ ਸੁਰੱਖਿਅਤ ਰੱਖਣ ਲਈ ਮਿਸ਼ਨ ਫਤਹਿ ਤਹਿਤ ਲੋਕ ਜਾਗਰੂਕਤਾ ਗਤਿਵਿਧੀਆਂ ਜਾਰੀ

*ਲੋਕਾਂ ਨੂੰ ਮਾਸਕ ਦੀ ਵਰਤੋਂ ਕਰਨ ਅਤੇ ਸਾਮਾਜਿਕ ਦੂਰੀ ਬਣਾ ਰੱਖਣ ਦੀ ਅਪੀਲ

ਦਿੜ੍ਹਬਾ :- () :- ਕੋਵਿਡ-19  ਸੰਕਟ ਦੇ ਮੱਦੇਨਜ਼ਰ ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਹਦਾਇਤਾਂ ਜਾਰੀ ਕੀਤੀਆ ਜਾ ਰਹੀਆਂ ਹਨ, ਤਾਂ ਜੋ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਹ ਜਾਣਕਾਰੀ ਐਸ.ਡੀ.ਐਮ. ਦਿੜ੍ਹਬਾ ਸਿਮਰਪ੍ਰੀਤ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਵੱਲੋਂ ਜ਼ਿਲ੍ਹਾ ਵਾਸੀਆ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣ ਲਈ ਮਿਸ਼ਨ ਫਤਹਿ ਤਹਿਤ ਲੋਕ ਜਾਗਰੂਕਤਾ ਗਤਿਵਿਧੀਆਂ ਦੇ ਨਾਲ ਨਾਲ ਕੋਰੋਨਾਵਾਇਰਸ ਦੀ ਹਰ ਸਥਿਤੀ ’ਤੇ ਨਜ਼ਰਸਾਨੀ ਰੱਖੀ ਜਾ ਰਹੀ ਹੈ।

ਐਸ.ਡੀ.ਐਮ ਦਿੜ੍ਹਬਾ ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਮਿਲੇ ਆਦੇਸ਼ਾ ਤਹਿਤ ਸਬ ਡਵੀਜ਼ਨ ਦਿੜ੍ਹਬਾ ਦੇ ਪਿੰਡ ਘੜਿਆਲ, ਸਮੂਰਾਂ ਅਤੇ ਜਨਾਲ ਵਿਖੇ 12 , 13 ਅਤੇ 14 ਅਗਸਤ ਨੂੰ ਲੱਗਣ ਵਾਲਾ ਗੁੱਗਾ ਮਾੜੀ ਦਾ ਮੇਲਾ ਨਹੀ ਲੱਗੇਗਾ। ਉਨ੍ਹਾਂ ਸਮੂਹ ਸ਼ਹਿਰ ਵਾਸੀਆ ਅਤੇ ਪਿੰਡਾਂ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਵਿਡ ਦੇ ਪ੍ਰਕੋਪ ਤੋਂ ਬਚਾਉਣ ਲਈ ਮੇਲਾ ਨਾ ਲਗਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਹਰੇਕ ਵਿਅਕਤੀ ਆਪਣੇ ਘਰਾਂ ਅੰਦਰ ਰਹਿ ਕੇ ਗੁੱਗਾ ਜ਼ਾਹਰ ਪੀਰ ਦੀ ਪੂਜਾ ਅਰਾਧਨਾ ਕਰ ਸਕਦਾ ਹੈ। 

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਸੰਕਟ ਦੀ ਘੜੀ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਾਹਰ ਜਾਣ ਵੇਲੇ ਮਾਸਕ ਦੀ ਵਰਤੋਂ ਕੀਤੀ ਜਾਵੇ, ਸਾਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਜਨਤਕ ਥਾਵਾਂ ਤੇ ਥੁੱਕਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ 24 ਘੰਟੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਾਰਜ਼ਸੀਲ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਪ੍ਰਸ਼ਾਸਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਾ ਹੈ, ਪਰੰਤੂ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਸਾਡੀ ਸਾਰਿਆ ਦੀ ਨਿੱਜੀ ਜਿੰਮਵਾਰੀ ਵੀ ਹੈ।

Comments