ਦਿੜਬਾ ਦੀ ਸਿਨੇਮਾ ਵਾਲੀ ਗਲੀ ਮਾਇਕਰੋ-ਕੰਟੇਨਮੈਂਟ ਜ਼ੋਨ ਐਲਾਨੀ


ਡਿਪਟੀ ਕਮਿਸ਼ਨਰ ਵੱਲੋਂ ਕੰਟੇਨਮੈਂਟ ਜ਼ੋਨਾਂ ’ਚ ਪਾਬੰਦੀਆਂ ਸਖ਼ਤੀ ਨਾਲ ਲਾਗੂ ਕਰਨ ਦੀ ਕੀਤੀ ਹਦਾਇਤ

ਦਿੜਬਾ, 26 ਅਗਸਤ :- ਦਿੜਬਾ ਸ਼ਹਿਰ ਦੀ ਸਿਨੇਮਾ ਵਾਲੀ ਗਲੀ ’ਚੋਂ ਕੋਵਿਡ-19 ਦੇ ਪਾਜ਼ਿਟਿਵ ਕੇਸ ਇਕੱਠੇ ਰਿਪੋਰਟ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਗਲੀ ਨੂੰ ਮਾਇਕ੍ਰੋ-ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਸਿਨੇਮਾ ਵਾਲੀ ਗਲੀ ਦੇ ਤਕਰੀਬਨ 28 ਘਰਾਂ ਅਤੇ 35 ਝੁੱਗੀਆਂ ਨੂੰ ਮਾਇਕਰੋ-ਕੰਟੇਨਮੈਂਟ ਜ਼ੋਨ ’ਚ ਸ਼ਾਮਲ ਕੀਤਾ ਗਿਆ ਹੈ ਜਿਸਦੀ ਆਬਾਦੀ 320 ਹੈ।
ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਸਾਵਧਾਨੀਆਂ ਅਪਣਾਉਣ ’ਤੇ ਜ਼ੋਰ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਮਾਇਕਰੋ-ਕੰਟੇਨਮੈਂਟ ਜ਼ੋਨ ਐਲਾਨੇ ਗਏ ਖੇਤਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਉਨਾਂ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਨਾਂ ਜ਼ੋਨਾਂ ਅੰਦਰ ਸਿਰਫ਼ ਜ਼ਰੂਰੀ ਵਸਤਾਂ ਅਤੇ ਮੈਡੀਕਲ ਸੇਵਾਵਾਂ ਦੀ ਪਹੰੁਚ ਨੂੰ ਹੀ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਰੋਜ਼ਾਨਾ ਪੱਧਰ ’ਤੇ ਘਰ ਤੋਂ ਘਰ ਸਰਵੇ ਕਰਵਾਇਆ ਜਾਵੇਗਾ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਟੈਕਟ ਟਰੇਸਿੰਗ ਯਕੀਨੀ ਬਣਾਈ ਜਾਵੇਗਾ।
ਸ਼੍ਰੀ ਰਾਮਵੀਰ ਨੇ ਦੱਸਿਆ ਕਿ ਮਾਇਕਰੋ-ਕੰਟੇਨਮੈਂਟ ਜ਼ੋਨ ਮੁੱਢਲੇ ਤੌਰ ’ਤੇ 10 ਦਿਨਾਂ ਲਈ ਲਗਾਈ ਗਈ ਹੈ ਅਤੇ ਜੇਕਰ ਪੰਜ ਦਿਨਾਂ ਤੱਕ ਇੱਕ ਕੇਸ ਤੋਂ ਵੱਧ ਰਿਪੋਰਟ ਨਾ ਹੋਇਆ ਤਾਂ ਇਸਨੂੰ ਹਟਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜੇਕਰ ਪਾਜਿਟਿਵ ਕੇਸ ਆਖਰੀ ਪੰਜ ਦਿਨਾਂ ’ਚ ਇੱਕ ਤੋਂ ਵੱਧ ਰਿਪੋਰਟ ਹੁੰਦੇ ਰਹੇ ਤਾਂ ਇਸਨੂੰ ਇੱਕ ਹਫ਼ਤੇ ਲਈ ਵਧਾਇਆ ਜਾ ਸਕਦਾ ਹੈ।

Comments