ਖੇਤੀ ਆਰਡੀਨੈਂਸ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਮੀਟਿੰਗ

 


ਖੇਤੀ ਆਰਡੀਨੈਂਸ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਪੰਜਾਬ ਭਰ ਵਿਚ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 2020 ਬਿਜਲੀ ਐਕਟ ਰੱਦ ਕਰਾਉਣ ਲਈ ਵੀ ਮੁਹਿੰਮ ਤੇਜ ਕਰ ਦਿੱਤੀ ਹੈ। ਇਹਨਾਂ ਸਾਰੇ ਮਸਲਿਆਂ ਨੂੰ ਲੈਕੇ ਅੱਜ ਪਿੰਡ ਖਡਿਆਲ ਵਿਖੇ ਜਥੇਬੰਦੀ ਦੇ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਦੀ ਅਗਵਾਈ ਵਿੱਚ ਪਿੰਡ ਜਵੰਧੇ, ਬਿਗੜਵਾਲ ਵਿਚ ਔਰਤ ਮੀਟਿੰਗਾਂ ਕਰਾਈਆ ਗਈਆਂ। ਇਸ ਮੀਟਿੰਗ ਵਿਚ ਕਿਸਾਨ - ਮਜ਼ਦੂਰ ਅਤੇ ਨੌਜਵਾਨਾ ਨੇ ਵੀ ਹਿੱਸਾ ਲਿਆ। ਇਹ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਕਿਓਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਮਜ਼ਦੂਰਾਂ ਵਿਰੁੱਧ ਕੁਹਾੜਾ ਤਿੱਖਾ ਕਰ ਲਿਆ ਹੈ। ਕੇਂਦਰ ਸਰਕਾਰ ਦੇ ਆਏ ਦਿਨ ਜਾਰੀ ਹੁੰਦੇ ਫੁਰਮਾਨ ਕਿਸਾਨ ਮਜ਼ਦੂਰ ਵਿਰੋਧੀ ਸਾਬਿਤ ਹੋ ਰਹੇ ਹਨ। ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਲਈ ਖੁੱਲੀ ਮੰਡੀਕਰਨ ਕਰਕੇ ਕੇਂਦਰ ਸਰਕਾਰ ਕਿਸਾਨਾਂ ਦੀ ਸੰਘੀ ਘੁੱਟਣ ਲਈ ਕਾਰਪੋਰੇਟ ਘਰਾਣਿਆ ਨੂੰ ਲੁੱਟਣ ਦੀ ਅਜਾਦੀ ਦੇ ਰਹੀ ਹੈ। ਆਗੂਆਂ ਨੇ ਕਿਹਾ ਕਿ ਇਹ ਕਾਨੂੰਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਸ ਲਈ ਭਾਵੇਂ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਇਸ ਤਹਿਤ 25  ਤੋਂ 29 ਅਗਸਤ ਤੱਕ ਪੰਜਾਬ ਭਰ ਵਿਚ ਹਰ ਬਲਾਕ ਵਿੱਚ ਪੱਕੇ ਮੋਰਚੇ ਲਾਏ ਜਾਣਗੇ। ਲਗਾਤਾਰ 5 ਦਿਨ ਕਿਸੇ ਵੀ ਅਕਾਲੀ ਭਾਜਪਾ ਆਗੂ ਨੂੰ ਪਿੰਡਾ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ।
ਅੱਜ ਤੋਂ ਸੁਨਾਮ ਬਲਾਕ ਦੇ ਹਰ ਪਿੰਡ ਵਿੱਚ ਔਰਤ ਮੀਟਿੰਗਾਂ, ਕਲੱਬ ਮੀਟਿੰਗਾਂ, ਕਿਸਾਨ ਮਜ਼ਦੂਰ ਮੀਟਿੰਗਾਂ, ਢੋਲ ਮਾਰਚ ਅਤੇ ਜੰਗੀ ਪੱਧਰ ਤੇ ਮਸਾਲ ਮਾਰਚ ਕੀਤੇ ਜਾਣਗੇ।
ਮੀਟਿੰਗ ਨੂੰ ਸੁਨਾਮ ਬਲਾਕ ਦੇ ਆਗੂ ਗੋਬਿੰਦ ਸਿੰਘ ਚੱਠਾ ਨੇ ਵੀ ਸਬੋਧਨ ਕੀਤਾ। ਇਸ ਮੀਟਿੰਗ ਵਿੱਚ ਖਡਿਆਲ ਇਕਾਈ ਏ ਤੇ ਬੀ, ਜਵੰਦਾ, ਬਿਗੜਵਾਲ ਦੇ ਆਗੂ ਹਾਜ਼ਰ ਸਨ। ਇਸ ਮੌਕੇ ਜਰਨੈਲ ਸਿੰਘ ਜੈਲਾ, ਨਿੱਕਾ ਸਿੰਘ, ਹਰਬਾਗ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ, ਹਾਕਮ ਸਿੰਘ, ਭੋਲਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਔਰਤਾਂ ਤੇ ਨੌਜਵਾਨ ਹਾਜ਼ਰ ਸਨ।।


Comments