ਆਪ ਵਲੋਂ 24 ਨੂੰ ਖੇਤੀ ਬਿਲਾਂ ਦੇ ਖਿਲਾਫ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ ਜਾਵੇਗਾ-ਚੀਮਾ



ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦੇ ਖਿਲਾਫ ਆਮ ਆਦਮੀ ਪਾਰਟੀ 24 ਸਤੰਬਰ ਨੂੰ ਸੂਬੇ ਅੰਦਰ ਪ੍ਰਦਰਸ਼ਨ ਕਰ ਰਹੀ ਹੈ। ਉਹ ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸੀ। ਉਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿਲ ਦੇ ਖਿਲਾਫ ਹਲਕਾ ਪੱਧਰੀ ਰੋਸ ਪ੍ਰਦਰਸ਼ਨ ਸਾਰੇ ਪੰਜਾਬ ਵਿੱਚ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਵਿੱਚ ਖੇਤੀ ਬਿਲਾਂ ਦੇ ਖਿਲਾਫ ਇੱਕ ਮਨੁੱਖੀ ਚੇਨ ਬਣਾ ਕੇ ਇੱਕਜੁਟਤਾ ਦਾ ਸਬੂਤ ਦੇ ਕੇ ਕੇਂਦਰ ਸਰਕਾਰ ਨੂੰ ਦੱਸਿਆ ਜਾਵੇਗਾ ਕਿ ਲੋਕ ਹੁਣ ਜਾਗ ਪਏ ਹਨ ਉਨਾਂ ਦੀ ਮਨਮਾਨੀ ਨਹੀਂ ਚਲੇਗੀ। ਇਹ ਬਿਲ ਕਿਸਾਨ ਹੀ ਨਹੀਂ ਸਾਰੇ ਵਰਗਾਂ ਦੇ ਖਿਲਾਫ ਹਨ ਇਨਾਂ ਦੇ ਲਾਗੂ ਹੋਣ ਨਾਲ ਸੂਬੇ ਦੀ ਆਰਥਿਕਤਾ ਗਰਕ ਜਾਵੇਗੀ। ਚੀਮਾ ਨੇ ਅੱਗੇ ਕਿਹਾ ਕਿ ਰਾਜ ਸਭਾ ਵਿੱਚ ਬਿਲ ਦਾ ਵਿਰੋਧ ਕਰ ਰਹੇ ਰਾਜ ਸਭਾ ਮੈਂਬਰਾਂ ਨੂੰ ਬਰਖਾਸਤ ਕਰਕੇ ਮੋਦੀ ਸਰਕਾਰ ਦੇ ਧੱਕੇ ਨਾਲ ਬਿਲ ਪਾਸ ਕਰਵਾ ਕੇ ਲੋਕਤੰਤਰ ਦਾ ਗਲ੍ਹਾ ਘੋਟਿਆ ਹੈ। ਕੋਰੋਨਾ ਮਹਾਂਮਾਰੀ ਦੇ ਅੰਦਰ ਮੋਦੀ ਸਰਕਾਰ ਨੇ ਕਿਸਾਨ ਮਾਰੂ ਬਿਲ ਪਾਸ ਕਰਕੇ ਕਾਰਪੋਰੇਟ ਘਰਾਣਿਆ ਦੇ ਹੱਥਾਂ ਵਿੱਚ ਖੇਡਣ ਦਾ ਸਬੂਤ ਦੇ ਦਿੱਤਾ ਹੈ। ਉਨਾਂ ਇਹ ਵੀ ਕਿਹਾ ਤਿ 25 ਸਤੰਬਰ ਦੇ ਕਿਸਾਨਾਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦਿੰਦੇ ਹੋਏ ਪੂਰਨ ਬੰਦ ਕਰਨ ਲਈ ਸਹਿਯੋਗ ਦੇਣਗੇ।

Comments