ਕਬੱਡੀ ਟੂਰਨਾਮੈਂਟ ਸ਼ੁਰੂ ਕਰਾਉਣ ਲਈ ਡੀਸੀ ਨੂੰ ਮੰਗ ਪੱਤਰ


ਪਿਛਲੀ ਪੰਦਰਾਂ ਮਾਰਚ ਤੋਂ ਕਰੋਨਾ ਮਹਾਂਮਾਰੀ ਕਾਰਨ ਸਾਰੀ ਦੁਨੀਆਂ ਵਿੱਚ ਖੇਡ ਸਮਾਗਮ ਬੰਦ ਹੋ ਗਏ ਹਨ। ਇਸ ਕਰਕੇ ਖੇਡਾਂ ਦੀ ਦੁਨੀਆਂ ਵਿੱਚ ਨਿਰਾਸਾ ਦਾ ਆਲਮ ਹੈ। ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਟੂਰਨਾਮੈਂਟ ਵੀ ਦੇਸ਼ ਵਿਦੇਸ਼ ਵਿੱਚ ਬੰਦ ਹਨ। ਅਜਿਹੇ ਹਲਾਤਾਂ ਵਿੱਚ ਇਕੱਲੇ ਖਿਡਾਰੀ ਹੀ ਨਹੀਂ ਕਬੱਡੀ ਨਾਲ ਜੁਡ਼ੇ ਬਹੁਤ ਸਾਰੇ ਲੋਕ ਬੇਰੁਜਗਾਰ ਹੋ ਗਏ ਹਨ। ਕਬੱਡੀ ਪੇਂਡੂ ਖਿੱਤੇ ਦੀ ਖੇਡ ਹੋਣ ਕਾਰਨ ਇਸ ਨਾਲ ਜੁੜੇ ਲੋਕ ਜਿਆਦਾਤਰ ਸਾਧਾਰਨ ਪਰਿਵਾਰਾਂ ਨਾਲ ਸਬੰਧਤ ਹਨ। ਹੁਣ ਜਦੋਂ ਹਲਾਤ ਥੋੜ੍ਹੇ ਬੇਹਤਰ ਹੋਣ ਲੱਗੇ ਹਨ ਤਾਂ ਅਜਿਹੇ ਵਿੱਚ ਕਬੱਡੀ ਵਾਲਿਆ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਬੱਡੀ ਟੂਰਨਾਮੈਂਟ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਕਰਵਾਏ। ਕਿਓਕਿ ਪਿਛਲੇ ਪੰਜ ਮਹੀਨਿਆਂ ਤੋਂ ਕਬੱਡੀ ਖਿਡਾਰੀਆਂ, ਬੁਲਾਰਿਆਂ, ਰੈਫਰੀਆਂ ਤੇ ਹੋਰਨਾਂ ਦੀ ਸਰਕਾਰ ਨੇ ਕੋਈ ਸਾਰ ਨਹੀਂ ਲਈ। ਸੰਗਰੂਰ ਜਿਲ੍ਹੇ ਨਾਲ ਸਬੰਧਤ ਕੋਈ ਪ੍ਰਵਾਸੀ ਖੇਡ ਪ੍ਰਮੋਟਰ ਵੀ ਕਿਸੇ ਲੋੜਵੰਦ ਦੀ ਮੱਦਦ ਲਈ ਅੱਗੇ ਨਹੀਂ ਆਇਆ। ਭਾਰਤੀ ਟੀਮ ਦੇ ਸਾਬਕਾ ਕਪਤਾਨ ਗੁਲਜ਼ਾਰ ਸਿੰਘ ਮੂਣਕ ਹਲਕਾ ਇੰਚਾਰਜ ਦਿੜ੍ਹਬਾ, ਸਾਬਕਾ ਕਪਤਾਨ ਖੁਸ਼ਦੀਪ ਸਿੰਘ ਖੁਸ਼ੀ ਅਤੇ ਅੰਤਰ ਰਾਸ਼ਟਰੀ ਕੋਚ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਇੱਕ ਵਫਦ ਡੀਸੀ ਸੰਗਰੂਰ ਦੇ ਨਾਂ ਮੰਗ ਪੱਤਰ ਦੇਣ ਲਈ ਪੁੱਜਿਆ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਸਮੇਂ ਕਬੱਡੀ ਵਾਲਿਆ ਦੇ ਹਲਾਤ ਤਰਸਯੋਗ ਹਨ। ਇਕੱਲੇ ਖਿਡਾਰੀ ਹੀ ਨਹੀਂ ਕਬੱਡੀ ਸਿਰ ਤੋਂ ਸੈਂਕੜੇ ਲੋਕਾਂ ਦੇ ਘਰ ਚੱਲਦੇ ਹਨ। ਸਰਕਾਰ ਜੇਕਰ ਕੁੱਝ ਹਦਾਇਤਾਂ ਅਨੁਸਾਰ ਕਬੱਡੀ ਟੂਰਨਾਮੈਂਟ ਸ਼ੁਰੂ ਕਰਾਉਣ ਦੀ ਇਜਾਜ਼ਤ ਦੇਵੇ ਤਾਂ ਸਭ ਦੇ ਘਰ ਦੇ ਚੁੱਲ੍ਹੇ ਚੱਲ ਸਕਦੇ ਹਨ।ਇਸ ਮੌਕੇ ਖੇਡ ਪ੍ਰਮੋਟਰ ਬਲਕਾਰ ਸਿੰਘ ਘੁਮਾਣ, ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਬੱਬੂ ਝਨੇੜੀ, ਲੱਖਾ ਢੰਡੋਲੀ, ਵਿੱਕੀ ਕਪਿਆਲ, ਸੱਤੀ ਦਿੜ੍ਹਬਾ, ਧਿਆਨਾ ਦਿੜ੍ਹਬਾ, ਮਨਦੀਪ ਬੇਨੜਾ, ਗੋਲਾ ਢੰਡੋਲੀ, ਗੁਰਦੀਪ ਨੰਨਾ, ਗਗਨ ਜਨਾਲ , ਕਾਜੂ ਰਣੀਕੇ, ਅੰਤਰ ਰਾਸ਼ਟਰੀ ਬੁਲਾਰੇ ਖੇਡ ਲੇਖਕ ਸਤਪਾਲ ਮਾਹੀ ਖਡਿਆਲ ਆਦਿ ਹਾਜ਼ਰ ਸਨ।।

 

Comments